ਸਿਮਰਨ ਸਾਧਨਾ ਕੀ ਹੈ?

ਗੁਰਬਾਣੀ ਸਿਧਾਂਤਾਂ ਅਨੁਸਾਰ ‘ਸਿਮਰਨ ਸਾਧਨਾ’ ਉਸ ਅਕਾਲ ਪੁਰਖ ਦੀ ਯਾਦ ਵਿੱਚ ਰਹਿਣਾ ਅਤੇ ਨਾਮ ਨੂੰ ਬਾਰ ਬਾਰ ਜਪਣਾ ਹੈ ਜਿਸ ਨੇ ਸਾਰੇ ਸੰਸਾਰ ਨੂੰ ਸਾਜਿਆ ਹੈ , ਉਸ ਦੀ ਪਾਲਣਾ ਕਰਦਾ ਹੈ ਤੇ ਜ਼ਰੇ ਜ਼ਰੇ ਵਿਚ ਸਮਾਇਆ ਹੋਇਆ ਹੈ I ਇਕ ਸਿੱਖ ਦੇ ਜੀਵਨ ਅੰਦਰ ਅੰਮ੍ਰਿਤ ਵੇਲੇ ਨਾਮ ਜਪਣ ਦਾ ਸਭ ਤੋ ਵੱਧ ਮਹੱਤਵ ਹੈ I ‘ਸਿਮਰਨ’ ਕਰਨਾ ਉਨਾਂ ਹੀ ਜਰੂਰੀ ਹੈ ਜਿਵੇਂ ਕਿ ਖਾਣਾ, ਸਾਹ ਲੈਣਾ ਤੇ ਨਹਾਉਣਾ ਆਦਿਕ I ਜਿੰਦਗੀ ਸਾਨੂੰ ਅਕਾਲ ਪੁਰਖ ਵਲੋਂ ਹਾਸਲ ਹੋਈ ਬਖਸ਼ਿਸ਼ ਅਤੇ ਅਸੀਸ ਹੈ I ਅਸੀਂ ਅਸਲ ਅਰਥਾਂ ਵਿੱਚ ਉਸ ਵੇਲੇ ਜੀਣਾਂ ਸਿਖਦੇ ਹਾਂ ਜਦੋਂ ਅਸੀਂ ਸਿਮਰਨ ਕਰਦੇ ਹਾਂ I ਸੋ ਇੱਕ ਤਰ੍ਹਾਂ ਨਾਲ ‘ਸਿਮਰਨ’ ਸਾਨੂੰ ਜੀਵਨ ਲਈ ਸਹੀ ਗਿਆਨ ਅਤੇ ਸਿਖਿਆ ਦੇਂਦਾ ਹੈ I ਸਾਡੇ ਮਨ ਦੀਆਂ ਅੱਖਾਂ ਬੰਦ ਹਨ, ਇਹਨਾਂ ਨੂੰ ਖੋਲ੍ਹਣਾ ਬਹੁਤ ਜ਼ਰੂਰੀ ਹੈ ਜੋ ‘ਸਿਮਰਨ’ ਕਰਨ ਨਾਲ ਹੀ ਹੋ ਸਕਦਾ ਹੈ I ‘ਸਿਮਰਨ’ ਕਰਨ ਨਾਲ ਅਸੀਂ ਅਕਾਲ ਪੁਰਖ ਦੁਆਰਾ ਬਖਸ਼ਿਸ਼ ਕੀਤੀ ਇਲਾਹੀ ਆਨੰਦ ਦੀ ਲਹਿਰ ਨੂੰ ਅਨੁਭਵ ਕਰ ਸਕਦੇ ਹਾਂ I ‘ਸਿਮਰਨ’ ਇਕ ਜੀਵਨ ਜਾਚ ਹੈ I ਇਸ ਨੂੰ ਅਮਲੀ ਤੌਰ ਤੇ ਜੀਣਾਂ ਚਾਹੀਦਾ ਹੈ I ਸਿਮਰਨ ਕਰਨ ਨਾਲ ਸਾਨੂੰ ਉਸ ਰੱਬੀ ਸ਼ਕਤੀ ਦੀ ਛੋਹ ਹਾਸਲ ਹੁੰਦੀ ਹੈ ਜੋ ਸਾਡੇ ਅੰਦਰ ਅਣਵਰਤੀ ਛੁੱਪੀ ਹੋਈ ਹੈ I ਇਸ ਤਰਾਂ ਸਾਡੀ ਜਿੰਦਗੀ ਸਾਧਾਰਣ ਤੋਂ ਬਦਲ ਕੇ ਰੱਬੀ ਗੁਣਾਂ ਨਾਲ ਭਰਪੂਰ ਹੋ ਜਾਂਦੀ ਹੈ I

ਗੁਰਦੁਆਰਾ ਸਾਹਿਬਾਂ ਵਿਚ ਸਿਮਰਨ ਸਾਧਨਾ

ਸੋ ਸਿਮਰਨ ਸਾਧਨਾ ਦੇ ਡੂੰਘੇ ਅਰਥਾਂ ਤੇ ਮਹੱਤਵ ਨੂੰ ਧਿਆਨ ਵਿਚ ਰੱਖਦੇ ਹੋਏ , ਇਸ ਪਦਾਰਥਵਾਦੀ ਯੁਗ ਦੇ ਅੰਦਰ ਮਨੁਖ ਮਾਤਰ ਨੂੰ ਆਤਮਕ ਤੌਰ ਤੇ ਉੱਚਾ ਚੁੱਕਣ ਲਈ ਭਾਈ ਗੁਰਸ਼ਰਨ ਸਿੰਘ ਜੀ ਨੇ ਸਿਮਰਨ ਸਾਧਨਾ ਪ੍ਰੋਗਰਾਮ ਆਰੰਭ ਕੀਤੇ I ਸ਼ੁਰੂ ਵਿੱਚ ਇਹ ਪ੍ਰੋਗਰਾਮ ਅੰਮ੍ਰਿਤ ਵੇਲੇ ਸੰਗਤਾਂ ਦੇ ਘਰਾਂ ਵਿੱਚ ਕੀਤੇ ਜਾਂਦੇ ਸਨ I ਇਹਨਾਂ ਪ੍ਰੋਗਰਾਮਾਂ ਵਿਚ ਸੰਗਤਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਸੀ ਬਾਅਦ ਵਿਚ ਸਭਾ ਨੇ ਮਹਿਸੂਸ ਕੀਤਾ ਕੀ ਇਹਨਾਂ ਪ੍ਰੋਗਰਾਮਾਂ ਦੇ ਕਾਰਣ ਗੁਰਦੁਆਰਾ ਸਾਹਿਬਾਂ ਵਿਚ ਸੰਗਤਾਂ ਦੀ ਗਿਣਤੀ ਘਟ ਰਹੀ ਸੀ I ਇਸ ਗੁਰਮਤਿ ਸਿਧਾਂਤ ਨੂੰ ਮੁੱਖ ਰਖਦੇ ਹੋਏ ਕੀ ਸਿਮਰਨ ਸਾਧਨਾ ਲਈ ਸੰਗਤਾਂ ਨੂੰ ਗੁਰਦੁਆਰਾ ਸਾਹਿਬ ਵਿਚ ਜੁੜਨਾਂ ਚਾਹੀਦਾ ਹੈ, ਸਭਾ ਦੁਆਰਾ ਇਹ ਫੈਸਲਾ ਕੀਤਾ ਗਿਆ ਕਿ ਸਿਮਰਨ ਸਾਧਨਾ ਪ੍ਰੋਗਰਾਮਾਂ ਨੂੰ ਸ਼ਹਿਰ ਦੇ ਗੁਰਦੁਆਰਾ ਸਾਹਿਬਾਂ ਵਿਚ ਸ਼ੁਰੂ ਕੀਤਾ ਜਾਵੇ I ਇਹ ਸਿਮਰਨ ਸਾਧਨਾ ਪ੍ਰੋਗਰਾਮ ਇਕ ਹਫਤਾ (ਸੋਮਵਾਰ ਤੋਂ ਐਤਵਾਰ) ਇੱਕ ਗੁਰਦੁਆਰਾ ਸਾਹਿਬਾਂ ਵਿਖੇ ਹੁੰਦੇ ਹਨ ਤੇ ਉਸ ਤੋਂ ਬਾਅਦ ਇਹ ਪ੍ਰੋਗਰਾਮ ਨਜਦੀਕ ਵਾਲੇ ਦੂਸਰੇ ਕਿਸੇ ਗੁਰਦੁਆਰਾ ਸਾਹਿਬ ਵਿਖੇ ਕੀਤੇ ਜਾਂਦੇ ਹਨ I ਇਸ ਤਰੀਕੇ ਨਾਲ ਪੂਰੇ ਲੁਧਿਆਣਾ ਸ਼ਹਿਰ ਦੀ ਸੰਗਤ ਸਿਮਰਨ ਸਾਧਨਾ ਦੇ ਮਹੱਤਵ ਤੋਂ ਜਾਣੂ ਹੋ ਰਹੀ ਹੈ ਅਤੇ ਇਸ ਨਾਲ ਜੁੜ ਰਹੀ ਹੈ I ਵੱਡੀ ਗਿਣਤੀ ਵਿਚ ਸੰਗਤਾਂ ਹਰ ਰੋਜ਼ ਇਹਨਾਂ ਸਿਮਰਨ ਸਾਧਨਾ ਪ੍ਰੋਗਰਾਮਾਂ ਵਿਚ ਭਾਗ ਲੈਂਦੀਆਂ ਹਨ ਤੇ ਇਸ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ I ਇਸ ਉਪਰਾਲੇ ਸਦਕਾ ਸਤਿਗੁਰ ਜੀ ਦੀ ਬਖਸ਼ਿਸ਼ ਨਾਲ ਲੁਧਿਆਣੇ ਦੇ ਕਈ ਗੁਰਦੁਆਰਿਆਂ ਵਿੱਚ ਸਿਮਰਨ ਸਾਧਨਾ ਆਰੰਭ ਹੋ ਚੁੱਕੀ ਹੈ।

ਅੰਮ੍ਰਿਤ ਵੇਲੇ ਦਾ ਭਾਵ ਅਰਥ

ਅੰਮ੍ਰਿਤ ਵੇਲਾ ਸੂਰਜ ਚੜ੍ਹਣ ਤੋਂ ਲੱਗਭਗ 3 – 4 ਘੰਟੇ ਪਹਿਲਾਂ ਆਰੰਭ ਹੁੰਦਾ ਹੈ ਤੇ ਦਿਨ ਚੜਣ ਤੇ ਸਮਾਪਤ ਹੁੰਦਾ ਹੈ I ਇਹ ਉਹ ਸਮਾਂ ਹੈ ਜਦੋਂ ਵਾਤਾਵਰਣ ਰੱਬੀ ਤਰੰਗਾਂ ਨਾਲ ਭਰਿਆ ਹੁੰਦਾ ਹੈ ਤੇ ਸਾਰੀਆਂ ਸੰਸਾਰਕ ਗਤੀਵਿਧੀਆਂ ਘੂਕ ਸੂਤੀਆਂ ਹੁੰਦੀਆਂ ਹਨ I ਜੇ ਅਸੀਂ ਉਸ ਸਮੇਂ ਜਾਗ ਰਹੇ ਹੋਈਏ ਤੇ ਸਿਮਰਨ ਸਾਧਨਾ ਵਿਚ ਆਪਣੇ ਆਪ ਨੂੰ ਲੀਨ ਕਰ ਲਈਏ ਤਾਂ ਅਸੀਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਹੁਕਮ ਦੀ ਪਾਲਨਾ ਕਰ ਰਹੇ ਹੋਵਾਂਗੇ (ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ II) ਤੇ ਅਕਾਲ ਪੁਰਖ ਦੇ ਪ੍ਰੇਮ ਦੀ ਪ੍ਰਾਪਤੀ ਵੱਲ ਵੱਧ ਰਹੇ ਹੋਵਾਂਗੇ I

ਬੱਸ ਸੇਵਾ

ਜਿਹੜੀਆਂ ਸੰਗਤਾਂ ਦੇ ਘਰ ਉਹਨਾਂ ਗੁਰਦਵਾਰਾ ਸਾਹਿਬਾਂ ਤੋਂ ਦੂਰ ਹਨ ਜਿਥੇ ਸਿਮਰਨ ਸਾਧਨਾ ਪ੍ਰੋਗਰਾਮ ਹੁੰਦੇ ਹਨ ਉਹਨਾਂ ਲਈ ਇਸ ਸੰਸਥਾ ਦੁਆਰਾ ਬੱਸਾਂ ਦਾ ਪ੍ਰਬੰਧ ਕੀਤਾ ਹੋਇਆ ਹੈ I ਇਹਨਾ ਬੱਸਾਂ ਰਾਹੀਂ ਸੰਗਤਾਂ ਨੂੰ ਉਹਨਾਂ ਦੇ ਘਰਾਂ ਤੋਂ ਲਿਆਇਆ ਜਾਂਦਾ ਹੈ ਤੇ ਉਹਨਾਂ ਗੁਰਦੁਆਰਾ ਸਾਹਿਬਾਂ ਵਿਚ ਲੈ ਜਾਇਆ ਜਾਂਦਾ ਹੈ ਜਿਥੇ ਸਿਮਰਨ ਸਾਧਨਾ ਦੇ ਪ੍ਰੋਗਰਾਮ ਹੁੰਦੇ ਹਨ I ਸਿਮਰਨ ਸਾਧਨਾ ਪ੍ਰੋਗਰਾਮ ਤੋਂ ਬਾਅਦ ਘਰੋਂ ਘਰੀਂ ਪਹੁੰਚਾਇਆ ਜਾਂਦਾ ਹੈ I  ਜੋ ਵੀ ਬੱਸਾਂ ਦਾ ਖਰਚਾ ਹੁੰਦਾ ਹੈ ਉਹ ਸੰਗਤਾਂ ਦੁਆਰਾ ਹੀ ਕੀਤਾ ਜਾਂਦਾ ਹੈ I