ਭਾਈ ਦਇਆ ਸਿੰਘ ਜੀ (ਨਿਸ਼ਕਾਮ) ਸਤਸੰਗ ਸਭਾ (ਇਕ ਸੰਖੇਪ ਜਾਣਕਾਰੀ)

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਖਸ਼ਿਸ਼ ਅਤੇ ਮਹਾਪੁਰਖ ਭਾਈ ਗੁਰਇਕਬਾਲ ਸਿੰਘ ਜੀ ਦੀ ਪ੍ਰੇਰਨਾ ਸਦਕਾ ਭਾਈ ਗੁਰਸ਼ਰਨ ਸਿੰਘ ਜੀ ਨੇ ਸੰਨ 1997 ਈ ਵਿਚ ਭਾਈ ਦਇਆ ਸਿੰਘ ਜੀ (ਨਿਸ਼ਕਾਮ) ਸਤਿਸੰਗ ਸਭਾ ਨਾਂ ਦੀ ਸੰਸਥਾ ਦੀ ਸਥਾਪਨਾ ਕੀਤੀ I ਇਸ ਸੰਸਥਾ ਦੀ ਸਥਾਪਨਾ ਭਾਈ ਦਇਆ ਸਿੰਘ ਜੀ ਦੇ ਨਾਂ ਤੇ ਕੀਤੀ ਗਈ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਮੰਗ ਤੇ ਸਭ ਤੋਂ ਪਹਿਲਾਂ ਸੀਸ ਭੇਟ ਕੀਤਾ I ਉਸ ਤੋਂ ਬਾਅਦ ਹੋਰ ਚਾਰ ਸਿਖਾਂ ਨੇ ਆਪਣੇ ਸੀਸ ਭੇਟ ਕੀਤੇ I ਇਹ ਪੰਜ ਸਿਖ ਸਭ ਤੋਂ ਪਹਿਲਾਂ ਪੰਥ ਵਿਚ ਸ਼ਾਮਲ ਕੀਤੇ ਗਏ I ਗੁਰੂ ਗੋਬਿੰਦ ਸਿੰਘ ਜੀ ਨੇ ਸਮੂਹਕ ਤੌਰ ਤੇ ਇਨ੍ਹਾਂ ਸਿਖਾਂ ਨੂੰ ਪੰਜ ਪਿਆਰਿਆਂ ਦਾ ਨਾਮ ਦਿੱਤਾ ਤੇ ਭਾਈ ਦਇਆ ਸਿੰਘ ਜੀ ਨੂੰ ਇਹਨਾ ਪਿਆਰਿਆਂ ਦੇ ਮੁਖੀ ਵਜੋਂ ਮਾਨਤਾ ਦਿੱਤੀ I ਗੁਰੂ ਸਾਹਿਬ ਦੀ ਬਖਸ਼ਿਸ਼ ਦੇ ਨਾਲ ਭਾਈ ਦਇਆ ਸਿੰਘ ਜੀ ਇਕ ਮਹਾਨ ਸੰਤ ਸਿਪਾਹੀ ਬਣੇ ਤੇ ਇਕ ਸੱਚੇ ਮਹਾਨ ਸਿਖ ਦੇ ਵਾਂਗ ਜਿੰਦਗੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਰਹੇ I

about-bhai-daya-singh-sabha-pic

ਸਭਾ ਦਾ ਨਾਂ ਭਾਈ ਦਇਆ ਸਿੰਘ ਜੀ ਦੇ ਨਾਂ ਤੇ ਰਖਣ ਦਾ ਕਾਰਣ

ਭਾਈ ਗੁਰਸ਼ਰਨ ਸਿੰਘ ਜੀ ਨੂੰ ਭਾਈ ਦਇਆ ਸਿੰਘ ਜੀ ਦੀ ਜੀਵਨੀ ਨੇ ਬਹੁਤ ਪ੍ਰਭਾਵਿਤ ਕੀਤਾ ਕਿਉਂਕਿ ਸਿਖ ਇਤਿਹਾਸ ਦੇ ਪੰਨਿਆਂ ਨੂੰ ਵਾਚਦਿਆਂ ਉਹਨਾਂ ਨੇ ਮਹਿਸੂਸ ਕੀਤਾ ਕੀ ਖਾਲਸਾ ਪੰਥ ਅੰਦਰ ਭਾਈ ਦਇਆ ਸਿੰਘ ਜੀ ਦਾ ਰੁਤਬਾ ਵਿਲਖਣ ਹੈ I ਆਪ ਖਾਲਸਾ ਪੰਥ ਦੇ ਪਹਿਲੇ ‘ਸਿੰਘ’ ਹਨ ਅਤੇ ਆਪ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮਾਂ ਤੇ ਬਹੁਤ ਵਿਲਖਣ ਕਾਰਜ ਸੰਪੂਰਨ ਕੀਤੇ ਹਨ I ਆਪ ਜੀ ਦੀ ਸ਼ਖਸ਼ੀਅਤ ਦੇ ਇਹਨਾਂ ਪਹਿਲੂਆਂ ਨੇ ਇਸ ਸੰਸਥਾ ਦੇ ਸੰਸਥਾਪਕ ਭਾਈ ਗੁਰਸ਼ਰਨ ਸਿੰਘ ਜੀ ਨੂੰ ਬਹੁਤ ਪ੍ਰਭਾਵਿਤ ਕੀਤਾ ਤੇ ਉਹਨਾਂ ਇਸ ਸੰਸਥਾ ਦਾ ਨਾਂ ਭਾਈ ਦਇਆ ਸਿੰਘ ਜੀ ਦੇ ਨਾਂ ਤੋਂ ਰਖਿਆ I

ਭਾਈ ਦਇਆ ਸਿੰਘ ਜੀ ਨਿਸ਼ਕਾਮ ਸਤਿਸੰਗ ਸਭਾ ਦੇ ਨਿਸ਼ਾਨੇ

ਬਿਨਾਂ ਕਿਸੇ ਧਰਮ, ਨਸਲ ਅਤੇ ਜਾਤ ਦੇ ਵਿਤਕਰੇ ਤੋਂ ‘ਸੇਵਾ’ , ‘ਸਿਮਰਨ’ ਤੇ ‘ਸਰਬੱਤ ਦਾ ਭਲਾ’ ਇਸ ਸੰਸਥਾ ਦੇ ਨਿਸ਼ਾਨੇ ਮਿਥੇ ਗਏ I ਆਲੇ ਦੁਆਲੇ ਤੇ ਇੱਕ ਨਜਰ ਦੌੜਾਨ ਤੇ ਇਸ ਸੰਸਥਾ ਦੇ ਸੰਸਥਾਪਕ ਅਤੇ ਮੁਖੀ ਮਾਨਯੋਗ ਭਾਈ ਗੁਰਸ਼ਰਨ ਸਿੰਘ ਜੀ (ਲੁਧਿਆਣੇ ਵਾਲੇ) ਨੇ ਇਹ ਮਹਿਸੂਸ ਕੀਤਾ ਕਿ ਲੋਕ ਮਹਾਨ ਆਤਮਿਕ ਕੀਮਤਾਂ ਨੂੰ ਤਿਆਗ ਰਹੇ ਸਨ ਖਾਸ ਤੌਰ ਤੇ ਨੌਜਵਾਨ ਪੀੜ੍ਹੀ ਦਸ ਗੁਰੂ ਸਾਹਿਬਾਨ ਦੇ ਦਰ੍ਸ਼ਾਏ ਮਾਰਗ ਤੋਂ ਭਟਕ ਗਈ ਹੈ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਕਿਤ ਉਹਨਾਂ ਦੀਆਂ ਸਿਖਿਆਵਾਂ ਨੂੰ ਭੁਲਦੇ ਜਾ ਰਹੇ ਹਨ I ਆਪ ਜੀ ਨੇ ਦੇਖਿਆ ਕਿ ਇੱਕ ਵੱਡੀ ਗਿਣਤੀ ਵਿੱਚ ਸਿਖ ਨੌਜਵਾਨ ਆਪਣੀ ਸਿੱਖ ਪਛਾਣ ਗੁਆ ਚੁੱਕੇ ਹਨ ਤੇ ਨਸ਼ਿਆਂ ਵਿੱਚ ਗਲਤਾਨ ਹੋ ਰਹੇ ਹਨ I ਉਹਨਾਂ ਨੂੰ ਸਹੀ ਮਾਰਗ ਤੇ ਵਾਪਸ ਲਿਆਉਣਾ ਅਤਿ ਜਰੂਰੀ ਸਮਝਿਆ ਗਿਆ I ਇਸ ਲਈ ਸਭ ਤੋਂ ਪਹਿਲਾਂ ਜੋ ਕਾਰਜ ਭਾਈ ਗੁਰਸ਼ਰਨ ਸਿੰਘ ਜੀ ਨੇ ਆਰੰਭ ਕੀਤਾ ਉਹ ਸੀ ਲੋਕਾਈ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਨਾਂ ਤੇ ਗੁਰੂ ਸਾਹਿਬਾਨ ਦੁਆਰਾ ਬਖਸ਼ਿਸ਼ ਕੀਤੀਆਂ ਮਹਾਨ ਕਦਰਾਂ ਕੀਮਤਾਂ ਦਾ ਪ੍ਰਚਾਰ ਕਰਨਾ I

ਧਾਰਮਿਕ ਗਤੀਵਿਧੀਆਂ ਤੋਂ ਇਲਾਵਾਂ ਭਾਈ ਗੁਰਸ਼ਰਨ ਸਿੰਘ ਜੀ ਨੇ ਮਨੁਖਤਾ ਦੀ ਸੇਵਾ ਲਈ ਚੈਰੀਟੇਬਲ ਹਸਪਤਾਲ ਬਣਾਉਣ ਦਾ ਵਿਚਾਰ ਬਣਾਇਆ I ਇਸ ਚੈਰੀਟੇਬਲ ਹਸਪਤਾਲ ਦੀ ਬਹੁਤ ਜ਼ਰੂਰਤ ਸੀ ਕਿਉਂਕਿ ਇੱਕ ਆਮ ਆਦਮੀ ਨੂੰ ਹਸਪਤਾਲ ਵਲੋਂ ਕੀਤੇ ਜਾਣ ਵਾਲੇ ਮਹਿੰਗੇ ਇਲਾਜਾਂ ਤੋਂ ਬਹੁਤ ਪਰੇਸ਼ਾਨ ਹੋਣਾ ਪੈਂਦਾ ਸੀ I ਧੰਨ-ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਖਸ਼ਿਸ਼ ਅਤੇ ਸਾਧ ਸੰਗਤ ਦੇ ਸਹਿਯੋਗ ਨਾਲ ਭਾਈ ਗੁਰਸ਼ਰਨ ਸਿੰਘ ਜੀ ਨੇ ਤਿੰਨ ਚੈਰੀਟੇਬਲ ਹਸਪਤਾਲ ਖੋਲੇ ਜੋ ਕਿ ਇੱਕ ਆਮ ਆਦਮੀ ਨੂੰ ਉਸਦੀ ਪਹੁੰਚ ਵਿੱਚ ਹੀ ਬਹੁਤ ਵਧੀਆ ਇਲਾਜ ਪ੍ਰਦਾਨ ਕਰਵਾ ਰਹੇ ਹਨ I ਇਸ ਤੋਂ ਇਲਾਵਾ ਭਾਈ ਗੁਰਸ਼ਰਨ ਸਿੰਘ ਜੀ ਨੇ ਇੱਕ ਕੰਪਿਊਟਰ ਅਕੈਡਮੀ ਵੀ ਖੋਲੀ ਹੈ ਜਿਥੇ ਹੋਣਹਾਰ ਨੌਜਵਾਨਾ ਨੂੰ ਆਧੁਨਿਕ ਕੰਪਿਊਟਰ ਸਿਖਿਆ ਅਤੇ ਸਪੋਕਨ ਇੰਗਲਿਸ਼ ਜਿਹੇ ਕੋਰਸ ਕਰਵਾਏ ਜਾਂਦੇ ਹਨ ਜੋ ਕਿ ਮਾਰਕਿਟ ਵਿੱਚ ਬਹੁਤ ਮਹਿੰਗੇ ਰੇਟਾਂ ਤੇ ਉਪਲਬਧ ਹਨ I ਇਹ ਸਿਖਿਆ ਕਿੱਤਾਮੁਖੀ ਨੌਕਰੀ ਦਵਾਉਣ ਵਿੱਚ ਵੀ ਸਹਾਇਕ ਹੁੰਦੀ ਹੈ I ਗੁਰਬਾਣੀ ਕੀਰਤਨ ਦੀ ਸਿਖਿਆ ਲਈ ਭਾਈ ਗੁਰਸ਼ਰਨ ਸਿੰਘ ਜੀ ਨੇ ਇੱਕ ਗੁਰਮਤਿ ਸੰਗੀਤ ਅਕੈਡਮੀ ਵੀ ਖੋਲੀ ਜਿਸ ਵਿੱਚ ਹਾਰਮੋਨੀਅਮ , ਤਬਲਾ ਅਤੇ ਹੋਰ ਤੰਤੀ ਸਾਜਾਂ ਦੀ ਸਿਖਲਾਈ ਕਲਾਸੀਕਲ ਰਾਗਾਂ ਵਿੱਚ ਕਰਵਾਈ ਜਾਂਦੀ ਹੈ I ਇਹ ਸਾਰੇ ਧਾਰਮਿਕ ਅਤੇ ਮਨੁਖਤਾ ਦੇ ਕਾਰਜ਼ ਧੰਨ-ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਖਸ਼ਿਸ਼ , ਭਾਈ ਗੁਰਇਕਬਾਲ ਸਿੰਘ ਜੀ ਦੀਆਂ ਸ਼ੁਭ ਅਸੀਸਾਂ ਅਤੇ ਸਾਧ ਸੰਗਤ ਦੇ ਸਹਿਯੋਗ ਨਾਲ ਹੀ ਚੱਲ ਰਹੀਆਂ ਹਨ I

ਟਰੱਸਟ ਦੇ ਕਾਰਜਕਾਰੀ ਮੈਂਬਰ

ਇਸ ਸੰਸਥਾ ਦੇ ਨਿਯਮਾਂ ਅਨੁਸਾਰ ਕਾਰਜਸ਼ੀਲ ਮੈਂਬਰ ਨਿਯੁਕਤ ਕੀਤੇ ਗਏ ਹਨ I ਇਹ ਕਾਰਜਕਾਰੀ ਮੈਂਬਰ ਅੱਲਗ ਅੱਲਗ ਖੇਤਰਾਂ ਅਤੇ ਕਿੱਤਿਆਂ ਨਾਲ ਸੰਬਧਤ ਹਨ I ਇਹ ਮੈਂਬਰਾਂ ਬਿਨ੍ਹਾਂ ਕਿਸੇ ਸਵਾਰਥ ਦੇ ਇਸ ਸੰਸਥਾ ਦੇ ਲੋਕ ਭਲਾਈ ਅਤੇ ਪਰਉਪਕਾਰ ਦੇ ਕਾਰਜਾਂ ਵਿੱਚ ਮਹੱਤਵਪੂਰਨ ਯੋਗਦਾਨ ਦੇ ਰਹੇ ਹਨ I