ਅੰਮ੍ਰਿਤ ਸੰਚਾਰ:

ਸੰਨ 1699 ਈ. ਵਿਚ ਵਿਸਾਖੀ ਦੇ ਮੌਕੇ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਹਨਾਂ ਪੰਜ ਪਿਆਰਿਆਂ ਦੀ ਚੋਣ ਕੀਤੀ ਜੋ ਗੁਰੂ ਸਾਹਿਬ ਦੀ ਮੰਗ ਤੇ ਆਪਣਾ ਸੀਸ ਗੁਰੂ ਸਾਹਿਬ ਨੂੰ ਭੇਟ ਕਰਨ ਲਈ ਉਠੇ, ਅਤੇ ਖਾਲਸਾ ਪੰਥ ਦੀ ਸਿਰਜਣਾ ਕੀਤੀ I ਇਸ ਇਤਿਹਾਸਕ ਅਵਸਰ ਦੇ ਉੱਤੇ ਗੁਰੂ ਸਾਹਿਬ ਨੇ ਪੰਜ ਬਾਣੀਆਂ ਜਪੁ ਜੀ ਸਾਹਿਬ, ਜਾਪੁ ਸਾਹਿਬ, ਤ੍ਵ ਪ੍ਰਸਾਦਿ ਸ੍ਵਯੇ, ਚੌਪਈ ਸਾਹਿਬ ਅਤੇ ਅਨੰਦੁ ਸਾਹਿਬ ਦਾ ਪਾਠ ਕਰਕੇ ਅੰਮ੍ਰਿਤ (ਖੰਡੇ ਦੀ ਪਾਹੁਲ) ਤਿਆਰ ਕੀਤਾ ਤੇ ਉਹਨਾਂ ਚੁਣੇ ਹੋਏ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ ਤੇ ਸਿੰਘ ਸਜਾ ਦਿੱਤਾ I

ਅੰਮ੍ਰਿਤ ਛਕਣਾ ਜ਼ਰੂਰੀ ਹੈ:

ਉਸ ਤੋਂ ਬਾਅਦ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਪੰਜਾਂ ਪਿਆਰਿਆਂ ਪਾਸੋਂ ਅੰਮ੍ਰਿਤ ਛਕਿਆ I ਉਸ ਦਿਨ ਤੋਂ ਗੁਰੂ ਸਾਹਿਬ ਨੇ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛਕਣਾ ਜ਼ਰੂਰੀ ਕਰ ਦਿੱਤਾ I  ਕੋਈ ਵੀ ਅੰਮ੍ਰਿਤ ਛਕੇ ਬਗੈਰ ਖਾਲਸਾ ਪੰਥ ਵਿੱਚ ਸ਼ਾਮਲ ਨਹੀ ਹੋ ਸਕਦਾ I ਇਸ ਸੰਬੰਧ ਵਿੱਚ ਗੁਰੂ ਸਾਹਿਬ ਨੇ ਇੱਕ ਰਹਿਤਨਾਮੇ ਵਿੱਚ ਹੁਕਮ ਦਿੱਤਾ ਹੈ “ਪ੍ਰਥਮ ਰਹਿਤ ਯਹਿ ਜਾਨ , ਖੰਡੇ ਕੀ ਪਾਹੁਲ ਛਕੇ “

ਭਾਈ ਗੁਰਸ਼ਰਨ ਸਿੰਘ ਜੀ ਦੇ ਯਤਨ:

ਜਿਹਨਾਂ ਤੇ ਸਤਿਗੁਰੂ ਜੀ ਦੀ ਅਪਾਰ ਬਖਸਿਸ਼ ਹੁੰਦੀ ਹੈ , ਉਹਨਾਂ ਪਾਸੋਂ ਸਤਿਗੁਰੂ ਜੀ ਆਪ ਹੀ ਆਪਣੇ ਕਾਰਜਾਂ ਦੀ ਸੇਵਾ ਲੈ ਲੈਂਦੇ ਹਨ I ਉਹਨਾਂ ਵਿਚੋਂ ਹੀ ਭਾਈ ਗੁਰਸ਼ਰਨ ਸਿੰਘ ਜੀ ਹਨ, ਜੋ ਕਿ ਭਾਈ ਦਇਆ ਸਿੰਘ ਜੀ ਨਿਸ਼ਕਾਮ ਸਤਿਸੰਗ ਸਭਾ ਦੇ ਮੁਖੀ ਅਤੇ ਸੰਸਥਾਪਕ ਹਨ ਅਤੇ ਇੱਕ ਪ੍ਰਸਿੱਧ ਨਿਸ਼ਕਾਮ ਕੀਰਤਨੀਏ ਹਨ I ਗੁਰਬਾਣੀ ਗਾਇਨ ਕਰਨ ਤੋਂ ਇਲਾਵਾ ਆਪ ਜੀ ਹਮੇਸ਼ਾ ਗੁਰੂ ਗੋਬਿੰਦ ਸਿੰਘ ਜੀ ਦੀਆਂ ਸਿਖਿਆਵਾਂ ਦਾ ਪ੍ਰਚਾਰ ਕਰਦੇ ਹਨ ਕਿ ਪੰਜ ਪਿਆਰਿਆਂ ਪਾਸੋਂ ਅੰਮ੍ਰਿਤ ਛਕੇ ਬਗੈਰ ਕੋਈ ਵੀ ਪ੍ਰਾਣੀ ਖਾਲਸਾ ਪੰਥ ਵਿਚ ਸ਼ਾਮਲ ਨਹੀ ਹੋ ਸਕਦਾ I ਉਹਨਾਂ ਨੇ ਸਿੱਖ ਸੰਗਤ ਨੂੰ ਅੰਮ੍ਰਿਤ ਛਕਣ ਦੀ ਪ੍ਰੇਰਨਾ ਦੇਣ ਲਈ ਬਹੁਤ ਜ਼ੋਰਦਾਰ ਯਤਨ ਕੀਤੇ ਹਨ I ਆਪ ਜੀ ਨੇ ਹਮੇਸ਼ਾ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਸ ਸੰਦੇਸ਼ ਦਾ ਪ੍ਰਚਾਰ ਕੀਤਾ ਹੈ ਕਿ ਜੇਕਰ ਆਪਣੀ ਆਤਮਾ ਦੀ ਮੈਲ ਧੋਣਾਂ ਚਾਹੁੰਦੇ ਹੋ ਜੋ ਜੁਗਾਂ ਜੁਗਾਂ ਤੋਂ ਮੈਲੀ ਹੁੰਦੀ ਆ ਰਹੀ ਹੈ ,ਤਾਂ ਅੰਮ੍ਰਿਤ ਛਕ ਕੇ ਗੁਰੂ ਵਾਲਾ ਬਣ ਕੇ , ਗੁਰ-ਸ਼ਬਦ ਦੀ ਕਮਾਈ ਕਰਨਾ ਅਤੇ ਗੁਰੂ ਆਸ਼ੇ ਮੁਤਾਬਿਕ ਚਲਣਾ ਜਰੂਰੀ ਹੈ I ਇਸ ਸੰਸਥਾ ਦੀ ਸਥਾਪਨਾ ਦੇ ਸ਼ੁਰੂ ਤੋਂ ਹੀ ਭਾਈ ਗੁਰਸ਼ਰਨ ਸਿੰਘ ਜੀ ਵੱਡੀ ਗਿਣਤੀ ਵਿੱਚ ਅੰਮ੍ਰਿਤ ਸੰਚਾਰ ਪ੍ਰੋਗਰਾਮਾਂ ਦਾ ਆਯੋਜਨ ਕਰਦੇ ਆ ਰਹੇ ਹਨ । ਕੇਵਲ ਲੁਧਿਆਣਾ ਵਿਚ ਹੀ ਨਹੀ ਸਗੋਂ ਜਿਥੇ ਵੀ ਭਾਈ ਗੁਰਸ਼ਰਨ ਸਿੰਘ ਜੀ ਕੀਰਤਨ ਕਰਨ ਲਈ ਜਾਂਦੇ ਹਨ ਉੱਥੇ ਅੰਮ੍ਰਿਤ ਸੰਚਾਰ ਵੀ ਕੀਤਾ ਜਾਂਦਾ ਹੈ I ਅੰਮ੍ਰਿਤ ਸੰਚਾਰ ਪ੍ਰੋਗਰਾਮ ਹਰ ਸਾਲ ਅੰਮ੍ਰਿਤ ਵਰਖਾ ਸਮਾਗਮ ਦੇ ਸਮੇਂ ਵੀ ਕੀਤਾ ਜਾਂਦਾ ਹੈ I ਸਤਿਗੁਰ ਜੀ ਦੀ ਕਿਰਪਾ ਦੇ ਨਾਲ ਕੇਵਲ ਲੁਧਿਆਣੇ ਵਿਚ ਹੀ ਨਹੀ, ਭਾਈ ਗੁਰਸ਼ਰਨ ਸਿੰਘ ਜੀ ਦੇ ਉਪਰਾਲੇ ਸਦਕਾ ਹੁਣ ਤੀਕ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਗੁਰੂ ਵਾਲੀਆਂ ਬਣ ਚੁੱਕੀਆਂ ਹਨ I

ਸੁਆਲ - ਜਵਾਬ ?

  • ਅੰਮ੍ਰਿਤ ਛਕਣ ਦੀ ਕਿ ਲੋੜ ਹੈ ਮਨ ਸਾਫ਼ ਹੋਣਾ ਚਾਹੀਦਾ ਹੈ?

    ਪ੍ਰਸ਼ਨ: ਅੰਮ੍ਰਿਤ ਛਕਣ ਦੀ ਕਿ ਲੋੜ ਹੈ ਮਨ ਸਾਫ਼ ਹੋਣਾ ਚਾਹੀਦਾ ਹੈ?

    ਉੱਤਰ: ਇਹ ਠੀਕ ਹੈ ਕਿ ਮਨ ਸਾਫ਼ ਹੋਣਾ ਚਾਹੀਦਾ ਹੈ I ਫਿਰ ਵੀ ਅੰਮ੍ਰਿਤ ਛਕਣਾ ਜਰੂਰੀ ਹੈ I ਦੱਸੋ ਤਾਂ ਸਹੀ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਮਨ ਮੈਲਾ ਸੀ ? ਸਤਿਗੁਰੂ ਜੀ ਨੇ ਆਪ ਪੰਜਾਂ ਪਿਆਰਿਆਂ ਪਾਸੋਂ ਅੰਮ੍ਰਿਤ ਛਕਿਆ ਅਤੇ ਸਰਬੱਤ ਸਿਖ ਸੰਗਤਾਂ ਨੂੰ ਅੰਮ੍ਰਿਤ ਜ਼ਰੂਰੀ ਛਕਣ ਦਾ ਹੁਕਮ ਦਿੱਤਾ I “ਪ੍ਰਥਮ ਰਹਿਤ ਯਹਿ ਜਾਨ ਖੰਡੇ ਕਿ ਪਾਹੁਲ ਛਕੇ” ਭਾਵੇਂ ਮਨ ਸਾਫ਼ ਹੋਵੇ, ਜੇਕਰ ਸਾਹਿਬ ਦੇ ਹੁਕਮ ਨੂੰ ਮੰਨਦਿਆਂ ਸਿੱਖ ਅੰਮ੍ਰਿਤ ਛਕ ਲਵੇ ਉਸ ਸਾਫ਼ ਮਨ ਦੀ ਕੀਮਤ ਹੋਰ ਵੀ ਵੱਧ ਜਾਂਦੀ ਹੈ I ਜੇ ਗੁਰੂ ਸਾਹਿਬ ਨੇ ਅੰਮ੍ਰਿਤ ਛਕਣਾ ਜ਼ਰੂਰੀ ਸਮਝਿਆ ਸੀ, ਤਾਂ ਸਿੱਖਾ ਤੇਰਾ ਵੀ ਅੰਮ੍ਰਿਤ ਛਕਣਾ ਜਰੂਰੀ ਹੈ I ਸਤਿਗੁਰੁ ਜੀ ਦੇ ਹੁਕਮ ਨੂੰ ਮੰਨਣ ਦੇ ਵਿਚ ਹੀ ਸਾਰੀਆਂ ਖੁਸ਼ੀਆਂ ਹਨ I

  • ਹਾਲੇ ਕਿਰਪਾ ਨਹੀਂ ਹੋਈ ਜਦੋਂ ਕਿਰਪਾ ਹੋਈ ਉਦੋਂ ਅੰਮ੍ਰਿਤ ਛਕ ਲਵਾਂਗੇ ?

    ਪ੍ਰਸ਼ਨ: ਹਾਲੇ ਕਿਰਪਾ ਨਹੀਂ ਹੋਈ ਜਦੋਂ ਕਿਰਪਾ ਹੋਈ ਉਦੋਂ ਅੰਮ੍ਰਿਤ ਛਕ ਲਵਾਂਗੇ.

    ਉੱਤਰ: ਪਹਿਲੇ ਇਹ ਦੱਸੋ ਕਿ ਕਿਰਪਾ ਕੀ ਹੈ ? ਕਿਰਪਾ ਕੋਈ ਵਸਤੂ ਹੈ ਜੋ ਸਤਿਗੁਰੂ ਜੀ ਨੇ ਆਪ ਆ ਕੇ ਆਪ ਜੀ ਦੀ ਝੋਲੀ ਵਿਚ ਪਾਉਣੀ ਹੈ ? ਜਾਂ ਸੋਚਦੇ ਹੋ ਕਿ ਸਤਿਗੁਰ ਜੀ ਆਪ ਪਰਤੱਖ ਰੂਪ ਵਿਚ ਆਕੇ ਆਪ ਜੀ ਨੂੰ ਅੰਮ੍ਰਿਤ ਛਕਣ ਲਈ ਆਖਣਗੇ I ਹੁਣ ਸੁਣੋਂ ! ਕਿਰਪਾ ਕੋਈ ਵਸਤੂ ਨਹੀਂ ਅਤੇ ਨਾ ਹੀ ਸਤਿਗੁਰੂ ਜੀ ਆਪ ਪਰਤੱਖ ਰੂਪ ਵਚ ਆਪ ਜੀ ਨੂੰ ਆਖਣਗੇ ਕਿ “ਬੇਟਾ ਅੰਮ੍ਰਿਤ ਚੱਕ ਲੈ ” I ਕਿਰਪਾ ਹੈ – ਜਦੋਂ ਕੋਈ ਗੁਰੂ ਦਾ ਰੰਗਿਆ ਸਿੱਖ ਆਪ ਜੀ ਨੂੰ ਅੰਮ੍ਰਿਤ ਛੱਕਣ ਵਾਸਤੇ ਪ੍ਰੇਰੇ ਤਾਂ ਸਮਝ ਲੈਣਾ ਇਹ ਹੀ ਸਤਿਗੁਰੁ ਜੀ ਦੀ ਕਿਰਪਾ ਹੈ I ਸਤਿਗੁਰ ਜੀ ਗੁਰਸਿਖਾਂ ਅੰਦਰੋਂ ਵਰਤਦੇ ਹਨ (ਗੁਰਸਿਖਾਂ ਅੰਦਰ ਸਤਿਗੁਰ ਵਰਤੈ) I ਆਪਣੇ ਅੰਦਰ ਝਾਤ ਮਾਰ ਕੇ ਵੇਖੋ ਕਿੰਨੀ ਵਾਰੀ ਕਿੰਨੇ ਗੁਰਸਿਖਾਂ ਨੇ ਆਪ ਜੀ ਨੂੰ ਅੰਮ੍ਰਿਤ ਛਕਣ ਲਈ ਪ੍ਰੇਰਿਆ ਹੋਵੇਗਾ I ਯਕੀਨ ਜਾਣਨਾ ਉਹ ਗੁਰਸਿਖ ਨਹੀਂ ਪ੍ਰੇਰ ਰਿਹਾ ਹਰ ਗੁਰਸਿੱਖ ਦੇ ਰਾਹੀਂ ਸਤਿਗੁਰੂ ਜੀ ਆਪਣਾ ਸੁਨੇਹਾ ਭੇਜ ਰਹੇ ਨੇ ‘ਪੁਰਖਾ ਅੰਮ੍ਰਿਤ ਛਕ ਲੈ ‘ I ਤੂੰ ਹਰ ਵਾਰੀ ਕਿਸੇ ਗੁਰਸਿੱਖ ਨੂੰ ਨਾਂਹ ਨਹੀਂ ਕੀਤੀ ਬਲਕਿ ਇਹ ਸਮਝ ਲਈ ਤੂੰ ਕਲਗੀਧਰ ਜੀ ਦੇ ਹੁਕਮ ਤੋਂ ਮੁਖ ਮੋੜਿਆ ਹੈ “I

  • ਪਹਿਲਾਂ ਆਪਣੇ ਔਗੁਣ ਦੂਰ ਕਰਕੇ ਅੰਮ੍ਰਿਤ ਦੇ ਕਾਬਲ ਹੋ ਜਾਵਾਂ ਫਿਰ ਅੰਮ੍ਰਿਤ ਛਕ ਲਵਾਂਗਾਂ ?

    ਪ੍ਰਸ਼ਨ: ਪਹਿਲਾਂ ਆਪਣੇ ਔਗੁਣ ਦੂਰ ਕਰਕੇ ਅੰਮ੍ਰਿਤ ਦੇ ਕਾਬਲ ਹੋ ਜਾਵਾਂ ਫਿਰ ਅੰਮ੍ਰਿਤ ਛਕ ਲਵਾਂਗਾਂ ?

    ਉੱਤਰ: ਇਹ ਤਾਂ ਮਾਨੋਂ ਇਹ ਗੱਲ ਹੋ ਗਈ ਕਿ ਰੋਗੀ ਇਹ ਬੋਲੇ ਕੀ ਪਹਿਲਾਂ ਆਪਣੇ ਰੋਗ ਦੂਰ ਕਰ ਲਵਾਂ ਫੇਰ ਡਾਕਟਰ ਕੋਲ ਜਾਵਾਂਗਾ I ਮਨੁੱਖ ਕਦੇ ਵੀ ਆਪਣੇ ਔਗੁਣਾਂ ਤੇ ਫ਼ਤਹਿ ਪ੍ਰਾਪਤ ਨਹੀਂ ਕਰ ਸਕਦਾ I ਅਖੀਰ ਤੱਕ ਜੂਝਦਾ ਰਵ੍ਹੇ ਕੋਈ ਨਾ ਕੋਈ ਔਗੁਣ ਉਸ ਤੇ ਹਾਵੀ ਰਹਿੰਦਾ ਹੈ I ਹਾਂ! ਇਹ ਔਗੁਣ ਗੁਰੂ ਨਾਲ ਮਿਲਕੇ ਦੂਰ ਕਰਨਾ ਸੌਖਾ ਹੋ ਸਕਦਾ ਹੈ I ਤੂੰ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਗੁਰੂ ਵਾਲਾ ਬਣ ਤੇ ਗੁਰ-ਸ਼ਬਦ ਦੀ ਕਮਾਈ ਅਤੇ ਗੁਰੂ ਜੀ ਪਾਸ ਨਿਰੰਤਰ ਆਪਣੇ ਔਗੁਣਾਂ ਦੀ ਨਵਿਰਤੀ ਵਾਸਤੇ ਅਰਦਾਸ ਕਰ I ਗੁਰੂ ਦੀ ਬਖਸਿਸ਼ ਹੀ ਔਗੁਣ ਦੂਰ ਕਰ ਸਕਦੀ ਹੈ I

  • ਕੀ ਅਸੀਂ ਆਪਣੀ ਧੀ ਨੂੰ ਅੰਮ੍ਰਿਤ ਛਕਾ ਦੇਈਏ ਅੰਮ੍ਰਿਤਧਾਰੀ ਵਰ ਨਾ ਮਿਲਿਆ ਤਾਂ ਕੀ ਕਰਾਂਗੇ ?

    ਪ੍ਰਸ਼ਨ: ਕੀ ਅਸੀਂ ਆਪਣੀ ਧੀ ਨੂੰ ਅੰਮ੍ਰਿਤ ਛਕਾ ਦੇਈਏ ਅੰਮ੍ਰਿਤਧਾਰੀ ਵਰ ਨਾ ਮਿਲਿਆ ਤਾਂ ਕੀ ਕਰਾਂਗੇ ?

    ਉੱਤਰ: ਕੋਈ ਵੀ ਮਾਪੇ ਆਪਣੀ ਧੀ ਵਾਸਤੇ ਸ਼ਰਾਬੀ, ਜਵਾਰੀ, ਅਯਾਸ਼ ਜਾਂ ਇਹ ਤਰਾਂ ਦੇ ਨੀਚ ਕਰਮਾਂ ਵਾਲਾ ਵਰ ਲੱਭਣਾ ਪਸੰਦ ਨਹੀਂ ਕਰਦੇ I ਜਦੋਂ ਮਾਪੇ ਆਪਣੀ ਧੀ ਨੂੰ ਅੰਮ੍ਰਿਤ ਛਕਾ ਕੇ ਗੁਰੂ ਵਾਲਾ ਬਣਾਉਂਦੇ ਹਾਂ ਉਦੋਂ ਯਕੀਨ ਜਾਨਣਾ ਅੰਮ੍ਰਿਤ ਛਕਣ ਤੋਂ ਬਾਅਦ ਉਹ ਵੀ ਕਲਗੀਧਰ ਜੀ ਦੀ ਧੀ ਬਣ ਜਾਂਦੀ ਹੈ ਫਿਰ ਕਲਗੀਧਰ ਜੀ ਨੂੰ ਆਪ ਆਪਣੀ ਬੱਚੀ ਦੀ ਫਿਕਰ ਹੁੰਦੀ ਹੈ I ਸੰਜੋਗ ਦਰਗਾਹ ਤੋਂ ਬਣਦੇ ਨੇ ਮੇਲ ਇਥੇ ਹੁੰਦੇ ਹਨ ਜੇਕਰ ਬੱਚੀ ਨੇ ਅੰਮ੍ਰਿਤ ਛਕ ਲਿਆ ਤੇ ਉਸ ਦੇ ਭਾਗਾਂ ਵਿਚ ਐਸਾ ਵਰ ਹੈ ਜੋ ਨਸ਼ਈ ਜੁਆਰੀ ਜਾਂ ਹੋਰ ਨੀਚ ਕਰਮ ਕਰਦਾ ਹੋਵੇ I ਫਿਰ ਕਲਗੀਧਰ ਜੀ ਨੂੰ ਫਿਕਰ ਹੋ ਜਾਂਦੀ ਹੈ I ਸਤਿਗੁਰ ਜੀ ਵਰ ਤਾਂ ਨਹੀਂ ਬਦਲਦੇ ਪਰ ਆਪਣੀ ਬੱਚੀ ਵਾਸਤੇ ਉਸ ਵਰ ਦੇ ਕਰਮ ਬਦਲਕੇ ਸ਼ਰਾਬ ਤੇ ਜੂਏ ਜੈਸੀਆਂ ਮਾੜੀਆਂ ਚੀਜ਼ਾਂ ਤੋਂ ਹਟਾ ਕੇ ਕਿਸੇ ਬਹਾਨੇ ਫਿਰ ਅੰਮ੍ਰਿਤ ਛਕਾ ਕੇ ਉਸ ਬੱਚੀ ਜੋਗਾ ਕਰ ਦਿੰਦੇ ਹਨ I ਲੇਕਿਨ ਇਹ ਤਾਂ ਹੋਵੇਗਾ ਜੇ ਬੱਚੀ ਅੰਮ੍ਰਿਤ ਛਕ ਕੇ ਕਲਗੀਧਰ ਜੀ ਦੀ ਬਣੇਗੀ I

  • ਅੰਮ੍ਰਿਤ ਛਕਣ ਦਾ ਕੀ ਲਾਭ ਹੈ ਜੇ ਅੰਮ੍ਰਿਤ ਛਕਣ ਤੋਂ ਬਾਅਦ ਵੀ ਕੁਝ ਸਿੱਖ ਸ਼ਰਾਬ ਪੀਂਦੇ ਤੇ ਮਾਸ ਖਾਂਦੇ ਹਨ ?

    ਪ੍ਰਸ਼ਨ: ਅੰਮ੍ਰਿਤ ਛਕਣ ਦਾ ਕੀ ਲਾਭ ਹੈ ਜੇ ਅੰਮ੍ਰਿਤ ਛਕਣ ਤੋਂ ਬਾਅਦ ਵੀ ਕੁਝ ਸਿਖ ਸ਼ਰਾਬ ਪੀਂਦੇ ਤੇ ਮਾਸ ਖਾਂਦੇ ਹਨ ?

    ਉੱਤਰ: ਸਿੱਖੀ ਕੁਝ ਅਸੂਲਾਂ ਤੇ ਆਧਾਰਿਤ ਹੈ ਜੋ ਤਬਦੀਲ ਨਹੀਂ ਕੀਤੇ ਜਾ ਸਕਦੇ I ਜੇ ਕੋਈ ਵਿਅਕਤੀ ਕਾਨੂੰਨ ਦੀ ਉਲੰਘਣਾ ਕਰਦਾ ਹੈ ਤਾਂ ਉਹ ਆਪ ਦੋਸੀ ਹੈ ਨਾ ਕਿ ਕਾਨੂੰਨ ਵਿਚ ਕੋਈ ਦੋਸ਼ ਹੈ I ਇਸੇ ਤਰ੍ਹਾਂ ਜੇ ਕੋਈ ਸਿੱਖ ਖਾਲਸਾ ਪੰਥ ਦੇ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਹ ਆਪ ਦੋਸ਼ੀ ਹੈ I ਜੇ ਕੋਈ ਸਿੱਖ ਅੰਮ੍ਰਿਤ ਛਕ ਕੇ ਕੋਈ ਮਾੜਾ ਕਰਮ ਕਰਦਾ ਹੈ ਉਸ ਕਰਮ ਦਾ ਲੇਖਾ ਉਹ ਆਪ ਦੇਵੇਗਾ ਜਿਵੇਂ ਇੱਕ ਬੰਦਾ ਖੂਹ ਵਿੱਚ ਛਾਲ ਮਾਰੇ ਕੀ ਉਹਨੂੰ ਦੇਖ ਕੇ ਤੂੰ ਵੀ ਖੂਹ ਵਿਚ ਛਾਲ ਮਾਰੇਗਾਂ ? ਜੇਕਰ ਉਸ ਦੀ ਰੀਸ ਕਰਦਿਆਂ ਤੂੰ ਖੂਹ ਵਿਚ ਛਾਲ ਨਹੀਂ ਮਾਰੀ ਤੇ ਫਿਰ ਉਸ ਦੇ ਮਾੜੇ ਕਰਮਾਂ ਨੂੰ ਦੇਖ ਕੇ ਤੂੰ ਅੰਮ੍ਰਿਤ ਛਕਣ ਤੋਂ ਇਨਕਾਰੀ ਕਿਉਂ ਹੈ I

  • ਸਾਨੂੰ ਅੰਮ੍ਰਿਤ ਛਕਣ ਦੀ ਕੀ ਲੋੜ ਹੈ I ਅਸੀਂ ਗੁਰੂ ਨਾਨਕ ਦੇਵ ਜੀ ਦੇ ਸਿੱਖ ਹਾਂ ਅੰਮ੍ਰਿਤ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਛਕਾਇਆ ਸੀ ?

    ਪ੍ਰਸ਼ਨ: ਸਾਨੂੰ ਅੰਮ੍ਰਿਤ ਛਕਣ ਦੀ ਕੀ ਲੋੜ ਹੈ I ਅਸੀਂ ਗੁਰੂ ਨਾਨਕ ਦੇਵ ਜੀ ਦੇ ਸਿਖ ਹਾਂ ਅੰਮ੍ਰਿਤ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਛਕਾਇਆ ਸੀ ?

    ਉੱਤਰ: ਗੁਰੂ ਨਾਨਕ ਦੇਵ ਜੀ ਤੋਂ ਲੈਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਗੁਰੂ ਸਾਹਿਬਾਨ ਜੀ ਦੀ ਦੇਹ ਬਦਲੀ ਹੈ, ਜੋਤ ਗੁਰੂ ਨਾਨਕ ਦੇਵ ਜੀ ਦੀ ਹੀ ਗੁਰੂ ਗੋਬਿੰਦ ਸਿੰਘ ਜੀ ਤੱਕ ਚਲੀ ਆਈ ਹੈ, ਉਹੋ ਜੋਤ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਟਿਕਾਈ ਹੈ (ਜੋਤ ਓਹਾ ਜੁਗਤ ਸਾਏ ਸਾ ਕਾਇਆ ਫੇਰ ਪਲਟੀਐ II) ਯਕੀਨ ਜਾਣਨਾਂ ਅੰਮ੍ਰਿਤ ਤਾਂ ਗੁਰੂ ਨਾਨਕ ਸਾਹਿਬ ਜੀ ਵੀ ਛਕਾਂਦੇ ਰਹੇ ਹਨ ਫਰਕ ਇਤਨਾਂ ਹੈ ਕੀ ਗੁਰੂ ਨਾਨਕ ਸਾਹਿਬ ਵਲੋਂ ਦਿੱਤੇ ਜਾਂਦੇ ਅੰਮ੍ਰਿਤ ਨੂੰ “ਚਰਨ ਪਾਹੁਲ ” ਕਿਹਾ ਜਾਂਦਾ ਸੀ ਜੋ ਕੀ ਦਸਵੇਂ ਗੁਰੂ ਨਾਨਕ ਨੇ ਵਕਤ ਦੀ ਲੋੜ ਨੂੰ ਸਮਝਦਿਆਂ ਆਪ ਹੀ ਅੰਮ੍ਰਿਤ ਦੀ ਮਰਿਯਾਦਾ ਚਰਨ ਪਾਹੁਲ ਤੋਂ ਤਬਦੀਲ ਕਰਕੇ ਖੰਡੇ ਦੀ ਪਾਹੁਲ ਵਿਚ ਬਦਲ ਦਿੱਤੀ I ਜੇਕਰ ਕੋਈ ਗੁਰੂ ਨਾਨਕ ਸਾਹਿਬ ਜੀ ਨੂੰ ਮੰਨਦਾ ਹੈ ਉਸ ਲਈ ਦਸਵੇਂ ਗੁਰੂ ਨਾਨਕ ਦੀ ਮਰਿਯਾਦਾ ਨੂੰ ਅਪਣਾਉਣਾ ਵੀ ਜਰੂਰੀ ਹੈ ਅਤੇ ਉਸ ਆਧਾਰ ਤੇ ਅੰਮ੍ਰਿਤ ਛੱਕਣਾ ਵੀ ਜਰੂਰੀ ਹੈ I ਦਸਵੇਂ ਗੁਰੂ ਨਾਨਕ ਦੇ ਹੁਕਮ ਨੂੰ ਨਾਂ ਮੰਨਣ ਕਰਕੇ ਉਸ ਨੂੰ ਗੁਰੂ ਨਾਨਕ ਨਾਮ ਲੇਵਾ ਸਿੱਖ ਅਖਵਾਉਣ ਦਾ ਹੱਕ ਨਹੀਂ ।

  • ਸਾਨੂੰ ਕਕਾਰ ਰਖਣੇ ਬਹੁਤ ਔਖੇ ਲਗਦੇ ਹਨ ਇਸ ਲਈ ਅਸੀਂ ਅੰਮ੍ਰਿਤ ਨਹੀਂ ਛਕ ਸਕਦੇ.

    ਪ੍ਰਸ਼ਨ: ਸਾਨੂੰ ਕਕਾਰ ਰਖਣੇ ਬਹੁਤ ਔਖੇ ਲਗਦੇ ਹਨ ਇਸ ਲਈ ਅਸੀਂ ਅੰਮ੍ਰਿਤ ਨਹੀਂ ਛਕ ਸਕਦੇ ?

    ਉੱਤਰ: ਕਕਾਰ ਰੱਖਣੇ ਕੁਝ ਵੀ ਮੁਸ਼ਕਿਲ ਨਹੀਂ ਜਿੰਨੀ ਕਿ ਇਸ ਸ਼ਰੀਰ ਦੀ ਸਾਂਭ ਸੰਭਾਲ ਮੁਸ਼ਕਿਲ ਹੈ I ਇਸ ਦੀ ਸਾਫ਼ ਸਫਾਈ ਰੱਖਣਾ ਇਸ ਨੂੰ ਗਰਮੀ ਸਰਦੀ ਤੋਂ ਬਚਾਉਣਾ ,ਬਿਮਾਰ ਹੋਣ ਤੇ ਦਵਾਈ ਲੈਣਾ I ਇਸ ਦੇ ਖਾਨ ਪੀਣ ਦੇ ਪ੍ਰਬੰਧ ਲਈ ਕਰੜੀ ਮਿਹਨਤ ਕਰਨਾ ਕਿੰਨੇ ਮੁਸ਼ਕਿਲ ਕੰਮ ਹਨ I ਜੇ ਅਸੀ ਇਹ ਸਭ ਕੁਝ ਕਰ ਸਕਦੇ ਹਾਂ ਤਾਂ ਸਰੀਰ ਦੀ ਸੰਭਾਲ ਨਾਲੋਂ ਕਕਾਰ ਰੱਖਣ ਦਾ ਕਿਤੇ ਸੋਖਾ ਕੰਮ ਕਿਉਂ ਨਹੀਂ ਕਰ ਸਕਦੇ I

  • ਅੰਮ੍ਰਿਤ ਛਕ ਕੇ ਸਿੰਘ ਸਜਨਾ ਤੇ ਸ਼ਸਤਰਧਾਰੀ ਹੋਣਾ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਦੀ ਲੋੜ ਸੀ ਕਿਉਂਕਿ ਉਹ ਜੰਗਾਂ ਯੁਧਾਂ ਦਾ ਸਮਾਂ ਸੀ I ਅੱਜਕਲ੍ਹ ਤਾਂ ਇਸ ਤਰ੍ਹਾਂ ਦੇ ਹਾਲਾਤ ਨਹੀਂ ਹਨ ਕਿ ਅੰਮ੍ਰਿਤ ਛੱਕ ਕੇ ਸ਼ਸਤਰਧਾਰੀ ਹੋਣਾ ਪਵੇ.

    ਪ੍ਰਸ਼ਨ: ਅੰਮ੍ਰਿਤ ਛਕ ਕੇ ਸਿੰਘ ਸਜਨਾ ਤੇ ਸ਼ਸ਼ਤ੍ਰਧਾਰੀ ਹੋਣਾ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਦੀ ਲੋੜ ਸੀ ਕਿਉਂਕਿ ਉਹ ਜੰਗਾਂ ਯੁਧਾਂ ਦਾ ਸਮਾਂ ਸੀ I ਅੱਜਕਲ੍ਹ ਤਾਂ ਇਸ ਤਰ੍ਹਾਂ ਦੇ ਹਾਲਾਤ ਨਹੀਂ ਹਨ ਕਿ ਅੰਮ੍ਰਿਤ ਛਕ ਕੇ ਸ਼ਸ਼ਤ੍ਰਧਾਰੀ ਹੋਣਾ ਪਵੇ ?

    ਉੱਤਰ: ਅੰਮ੍ਰਿਤ ਛਕ ਕੇ ਸਿੰਘ ਸਜਣਾ ਕਿਸੇ ਖਾਸ ਸਮੇਂ ਦੀ ਜ਼ਰੂਰਤ ਨਹੀਂ ਹੈ I ਇਹ ਦਸਵੇਂ ਗੁਰੂ ਨਾਨਕ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਬਖਸ਼ਿਸ਼ ਕੀਤੀ ਸਦੀਵੀ ਦਾਤ ਹੈ I ਅੰਮ੍ਰਿਤ ਛੱਕਣਾ ਗੁਰੂ ਸਾਹਿਬ ਦਾ ਸਦੀਵੀਂ ਹੁਕਮ ਹੈ ਜੋ ਕਿਸੇ ਸਮੇਂ ਦਾ ਮੁਥਾਜ ਨਹੀਂ I ਇਸ ਹੁਕਮ ਦੀ ਪਾਲਣਾ ਕਰਕੇ ਅੰਮ੍ਰਿਤ ਛਕ ਕੇ ਸਿੰਘ ਸਜਣਾ ਤੇ ਗੁਰੂ ਸਾਹਿਬ ਵੱਲੋਂ ਬਖਸ਼ਿਸ਼ ਕੀਤੀ ਰਹਿਤ ਮਰਿਯਾਦਾ ਨੂੰ ਅਪਣਾਉਣਾ ਹਰ ਸਿੱਖ ਲਈ ਜ਼ਰੂਰੀ ਹੈ I ਸ਼ਸਤਰ ਧਾਰਨ ਕਰਨਾ ਅੱਜ ਕੱਲ ਦੇ ਸਮੇਂ ਦੀ ਵੀ ਉਨੀ ਹੀ ਜ਼ਰੂਰਤ ਹੈ ਜਿੰਨੀ ਕਿ ਪੁਰਾਤਨ ਸਮੇਂ ਦੀ ਕਿਉਂਕਿ ਮਨੁੱਖ ਨੂੰ ਮਨੁੱਖ ਤੋਂ ਖਤਰਾ ਉਵੇਂ ਹੀ ਮੌਜੂਦ ਹੈ।