ਪੰਜਾਂ ਪਿਆਰਿਆਂ ਦਾ ਖਿਤਾਬ
ਇਸੇ ਤਰ੍ਹਾਂ ਇਕ ਇਕ ਕਰਕੇ ਚਾਰ ਹੋਰ ਸੀਸਾਂ ਦੀ ਮੰਗ ਕੀਤੀ ਅਤੇ ਚਾਰ ਹੋਰ ਸਿਖਾਂ ਨੇ ਆਪਣੇ ਸੀਸ ਭੇਟ ਕੀਤੇ I ਗੁਰੂ ਸਾਹਿਬ ਨੇ ਇਹਨਾਂ ਪੰਜਾਂ ਨੂੰ ਪੰਜਾਂ ਪਿਆਰਿਆਂ ਦਾ ਖਿਤਾਬ ਬਕਸ਼ਿਆ I ਪਹਿਲਾਂ ਗੁਰਦੇਵ ਜੀ ਨੇ ਇਹਨਾਂ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਸਿੰਘ ਸਜਾਇਆ ਅਤੇ ਆਪ ਪਾਸੋਂ ਅੰਮ੍ਰਿਤ ਪਾਨ ਕਰਕੇ ‘ ਆਪੇ ਗੁਰੂ ਚੇਲਾ ‘ ਦੀ ਨਵੀਂ ਪਰੰਪਰਾ ਕਾਇਮ ਕੀਤੀ ਅਤੇ ਸਮੂਹ ਸੰਗਤ ਨੂੰ ਇਹ ਹੁਕਮ ਜਾਰੀ ਕੀਤਾ ਕਿ ਅੱਜ ਤੋਂ ਬਾਅਦ ਕੋਈ ਵੀ ਪ੍ਰਾਣੀ ਪੰਜਾਂ ਪਿਆਰਿਆਂ ਤੋਂ ਖੰਡੇ ਦੀ ਪਾਹੁਲ ਲੈ ਕੇ ਹੀ ਗੁਰੂ ਵਾਲਾ ਬਣ ਸਕਦਾ ਹੈ ਅਤੇ ਇਸ ਤਰ੍ਹਾਂ ਸਾਹਿਬ ਨੇ ‘ਖਾਲਸਾ ਪੰਥ ‘ ਦੀ ਸਾਜਨਾ ਕੀਤੀ I

ਪੰਜਾਂ ਪਿਆਰਿਆਂ ਦਾ ਮੁਖੀ
ਭਾਈ ਦਇਆ ਸਿੰਘ ਜੀ ਨੂੰ ਸਤਿਗੁਰ ਜੀ ਨੇ ਪੰਜਾਂ ਪਿਆਰਿਆਂ ਦੇ ਮੁਖੀ ਥਾਪ ਦਿੱਤਾ I ਸੋ ਭਾਈ ਦਇਆ ਸਿੰਘ ਜੀ ਜੋ ਕਿ ਪੰਜਾਂ ਪਿਆਰਿਆਂ ਦੇ ਮੁਖੀ ਵੀ ਸਨ , ਸਤਿਗੁਰ ਜੀ ਤੋਂ ਉਮਰ ਵਿੱਚ ਵਡੇਰੇ ਵੀ ਸਨ ਅਤੇ ਸਤਿਗੁਰ ਜੀ ਦੇ ਅਤਿ ਨੇੜੇ ਹੋਣ ਕਰਕੇ ਉਹਨਾਂ ਦਾ ਸਨਮਾਨ ਤੇ ਸਤਿਕਾਰ ਦਰਬਾਰੀ ਤੌਰ ਤੇ ਹੋਣ ਲੱਗਾ I ਸਤਿਗੁਰ ਜੀ ਨੇ ਭਾਈ ਦਇਆ ਸਿੰਘ ਜੀ ਦੀ ਰਹਨੁਮਾਈ ਹੇਠ ਪੰਜਾਂ ਪਿਆਰਿਆਂ ਨੂੰ ਪੰਥਕ ਪੰਚਾਇਤ (ਖਾਲਸਾ ਪਾਰਲੀਮੈਂਟ ) ਦਾ ਰੂਪ ਦਿੱਤਾ ਅਤੇ ਐਲਾਨ ਕੀਤਾ ਕਿ ਸਾਰੇ ਅਹਿਮ ਫੈਸਲੇ ਅਤੇ ਪੰਥਕ ਪੰਚਾਇਤ ਪੰਜ ਪਿਆਰੇ ਹੀ ਕਰਨਗੇ I ਆਨੰਦਪੁਰ ਸਾਹਿਬ ਦੇ ਲੋਹ – ਲੰਗਰ ਅਤੇ ਹੋਰ ਕਈ ਖਾਸ ਸੇਵਾਵਾਂ ਦੀ ਜਿੰਮੇਵਾਰੀ ਸਤਿਗੁਰੂ ਜੀ ਨੇ ਭਾਈ ਦਇਆ ਸਿੰਘ ਜੀ ਨੂੰ ਸੋਂਪੀ I ਹਰ ਗੁਰਮਤਿ ਦੇ ਸਲਾਹ ਮਸ਼ਵਰੇ ਸਮੇਂ ਸਤਿਗੁਰ ਜੀ ਇਹਨਾਂ ਨੂੰ ਨਿਕਟ ਰਖਦੇ ਸਨ ਕਿਉਂਕਿ ਇਹਨਾਂ ਦੀ ਹਰ ਰਾਏ ਸੋਚੀ ਸਮਝੀ ਦੂਰ ਦ੍ਰਿਸ਼ਟੀ ਭਰਪੂਰ ਤੇ ਸਦਾ ਹੀ ਸੁੱਚਜੀ ਹੁੰਦੀ ਸੀ I

ਮੁਗਲ ਸੈਨਾਂ ਦੁਆਰਾ ਆਨੰਦਪੁਰ ਸਾਹਿਬ ਦੀ ਘੇਰਾਬੰਦੀ
ਮੁਗਲ ਸੈਨਾਂ ਦੁਆਰਾ ਆਨੰਦਪੁਰ ਸਾਹਿਬ ਦੀ ਲੰਮੀ ਘੇਰਾ ਬੰਦੀ ਸਮੇਂ ਜਦੋਂ ਕਿੱਲੇ ਦੇ ਅੰਦਰ ਮੌਜੂਦ ਸਿੱਖ ਭੁੱਖ ਪਿਆਸ ਨਾਲ ਵਿਆਕੁਲ ਹੋ ਕੇ ਗੜ੍ਹੀ ਛੱਡਨ ਲੱਗੇ ਉਦੋਂ ਵੀ ਭਾਈ ਦਇਆ ਸਿੰਘ ਜੀ ਨੇ ਪੰਥਕ ਪੰਚਾਇਤ ਦੇ ਮੁੱਖੀ ਹੋਣ ਦੇ ਨਾਤੇ ਸਿਖਾਂ ਨੂੰ ਕਲਗੀਧਰ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਟਿਕੇ ਰਹਿਣ ਲਈ ਪ੍ਰੇਰਿਆ ਅਤੇ ਆਪ ਮਰਜੀਵੜੇ ਬਣਕੇ ਸਤਿਗੁਰੂ ਜੀ ਦੇ ਚਰਨਾਂ ਵਿਚ ਹਾਜ਼ਰ ਰਹੇ I

ਚਮਕੌਰ ਦੀ ਜੰਗ ਅਤੇ ਗੁਰੂ ਪੰਥ ਦਾ ਫੈਸਲਾ
ਜਦੋਂ ਆਨੰਦਪੁਰ ਸਾਹਿਬ ਦੇ ਕਿਲੇ ਨੂੰ ਛੱਡਨ ਦਾ ਫੈਸਲਾ ਸਤਿਗੁਰ ਜੀ ਨੇ ਲਿਆ ਉਸ ਵੇਲੇ ਵੀ ਭਾਈ ਦਇਆ ਸਿੰਘ ਜੀ ਹੋਰਾਂ ਸਿੰਘਾਂ ਸਮੇਤ ਸਤਿਗੁਰ ਜੀ ਦੇ ਨਾਲ ਕਿਲੇ ਤੋਂ ਬਾਹਰ ਆ ਗਏ I ਉਸ ਤੋਂ ਬਾਅਦ ਸਰਸਾ ਨਦੀ ਨੂੰ ਪਾਰ ਕਰਦੇ ਹੋਏ ਅਤੇ ਮੁਗਲ ਸੈਨਾ ਨਾਲ ਲੋਹਾ ਲੈਂਦੇ ਹੋਏ ਚਮਕੌਰ ਦੀ ਕੱਚੀ ਗੜ੍ਹੀ ਦੇ ਅੰਦਰ ਜਾ ਕੇ ਮੋਰਚਾ ਸੰਭਾਲ ਲਿਆ I ਇਸ ਵੇਲੇ ਸਤਿਗੁਰੂ ਜੀ ਦੇ ਨਾਲ ਕੇਵਲ ਚਾਲੀ ਸਿੰਘ ਅਤੇ ਦੋ ਸਾਹਿਬਜ਼ਾਦੇ ਅਜੀਤ ਸਿੰਘ ਅਤੇ ਜੁਝਾਰ ਸਿੰਘ ਜੀ ਸਨ I ਜਦੋਂ ਮੁਗਲ ਸੈਨਾਂ ਨਾਲ ਜੰਗ ਦੌਰਾਨ ਦੋਵੇ ਸਾਹਿਬਜ਼ਾਦੇ ਅਤੇ ਹੋਰ ਬਹੁਤ ਸਾਰੇ ਸਿੰਘ ਸ਼ਹੀਦੀਆਂ ਪਾ ਗਏ ਤਦ ਸਤਿਗੁਰ ਜੀ ਨੇ ਧਰਮ ਯੁੱਧ ਅੰਦਰ ਸ਼ਹੀਦੀ ਪਾਣ ਦਾ ਫੈਸਲਾ ਸੁਣਾਇਆ I ਸਤਿਗੁਰੂ ਜੀ ਨੇ ਕਿਹਾ , ਕੀ ” ਹੁਣ ਰਣ ਵਿੱਚ ਜੂਝ ਮਰਨਾ ਹੀ ਧਰਮ ਅਤੇ ਜੀਵਣ ਦਾ ਲਕਸ਼ ਹੈ I ਇਹ ਫੈਸਲਾ ਇਹਨਾ ਅਚਾਨਕ ਤੇ ਭਿਆਨਕ ਸੀ ਕੀ ਚਾਰੇ ਪਾਸੇ ਸੁੰਨ ਛਾ ਗਈ ਹਰ ਕਿਸੇ ਦੇ ਸਾਹਮਣੇ ਇਕੋ ਸੋਚ ਸੀ ਕਿ ਨਵੇਂ ਸਾਜੇ ਪੰਥ ਦਾ ਕਿ ਬਣੇਗਾ ” I ਇਹੀ ਚਿੰਤਾ ਸਭ ਨੇ ਸੁਜਾਣ ਪੁਰਖ ਭਾਈ ਦਇਆ ਸਿੰਘ ਜੀ ਅੱਗੇ ਰਖੀ ਸੋ ਆਪ ਜੀ ਦੀ ਦੂਰ ਅੰਦੇਸ਼ ਸੋਚ ਨੇ ਝੱਟ ਹੀ ਫੈਸਲਾ ਕਰ ਲਿਆ ਕਿ ਇਹ ਨਹੀਂ ਹੋ ਸਕਦਾ ਕਿ ਗੁਰਦੇਵ ਸ਼ਹੀਦੀ ਪਾਉਣ ਉਹਨਾਂ ਨੂੰ ਰੋਕਿਆ ਜਾ ਸਕਦਾ ਹੈ I ਸੋ ਭਾਈ ਦਇਆ ਸਿੰਘ ਜੀ ਨੇ ਪੰਜ ਸਿੰਘ ਇੱਕਠੇ ਕੀਤੇ ਤੇ ਬੜੇ ਅਦਬ ਸਤਿਕਾਰ ਵਿੱਚ ਪੰਜੇ ਸਿੰਘ ਸਤਿਗੁਰ ਜੀ ਅੱਗੇ ਗਲ ਵਿੱਚ ਪੱਲਾ ਪਾ ਕੇ ਹੇਠ ਜੋੜ ਕੇ ਖੜੇ ਹੋ ਕੇ ਅਰਜੋਈ ਕਰਨ ਲੱਗੇ I ਸਤਿਗੁਰ ਜੀ ਅਸੀਂ ਇੱਕ -ਇੱਕ ਕਰਕੇ ਆਪ ਜੀ ਦੇ ਸੇਵਕ ਵੀ ਹਾਂ, ਪੁੱਤਰ ਵੀ ਹਾਂ ਤੇ ਸਿੱਖ ਵੀ ਹਾਂ ਪਰ ਸਤਿਗੁਰੂ ਜੀ ਆਪ ਜੀ ਦੇ ਹੁਕਮ ਅਨੁਸਾਰ ਜੇ ਮਿਲ ਕੇ ਆਈਏ ਤਾਂ ਗੁਰੂ ਪੰਥ ਹਾਂ I ਹੁਣ ਇਸ ਗੁਰੂ ਪੰਥ ਨੇ ਫੈਸਲਾ ਕੀਤਾ ਹੈ ਕਿ ਆਪ ਜੀ ਇਸ ਧਰਮ ਯੁਧ ਵਿੱਚ ਸ਼ਹੀਦੀ ਨਹੀਂ ਪਾਉਗੇ ਤੇ ਜਿਸ ਤਰ੍ਹਾਂ ਵੀ ਹੋਵੇ ਗੜ੍ਹੀ ਵਿਚੋਂ ਨਿਕਲ ਕੇ ਹਰ ਯਤਨ ਕਰਕੇ ਫਿਰ ਪੰਥਕ ਸ਼ਕਤੀ ਨੂੰ ਇਕੱਤਰ ਕਰਕੇ ਪੰਥ ਨੂੰ ਚੜ੍ਹਦੀਕਲਾ ਵਿੱਚ ਲੈ ਜਾਉਗੇ I ਇਸ ਬੇਨਤੀ ਰੂਪ ਫੁਰਮਾਣ ਨੂੰ ਸੁਣ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਦਇਆ ਸਿੰਘ ਜੀ ਨੇ ਅਤੇ ਬਾਕੀ ਪਿਆਰਿਆਂ ਨੂੰ ਸਤਿਕਾਰਿਆ ਤੇ ਫੁਰਮਾਇਆ ‘ਵਾਹਿਗੁਰੂ ਦਾ ਸ਼ੁਕਰ ਹੈ ਕਿ ਪੰਥ ਹੁਣ ਸਮਰਥ ਹੋ ਗਿਆ ਹੈ ਕਿ ਉਹ ਮੈਨੂੰ ਵੀ ਆਗਿਆ ਦੇ ਸਕਦਾ ਹੈ I ਅਸੀਂ ਪੰਥ ਨੂੰ ਬਹੁਤ ਉੱਚਾ ਤੇ ਅੱਗੇ ਲੈ ਕੇ ਜਾਣਾ ਹੈ ਜਿਸ ਨੂੰ ਆਪ ਜੈਸੇ ਦ੍ਰਿੜ ਵਿਸ਼ਵਾਸੀ ਆਤਮ ਗਿਆਨੀ ,ਤਿਆਗੀ ਅਤੇ ਤਪੀ ਸਿੰਘ ਦੀ ਅਗੁਵਾਈ ਦੀ ਲੋੜ ਹੈ I

ਗੁਰੂ ਗੋਬਿੰਦ ਸਿੰਘ ਜੀ ਚਮਕੌਰ ਦੀ ਗੜ੍ਹੀ ਤੋਂ ਬਾਹਰ ਨਿਕਲੇ
ਸੋ ਸਤਿਗੁਰੂ ਜੀ ਨੇ ਭਾਈ ਦਇਆ ਸਿੰਘ ਜੀ ਅਤੇ ਭਾਈ ਮਾਨ ਸਿਘ ਜੀ ਨੂੰ ਤਾਰਿਆਂ ਦੀ ਸੇਧ ਪਰ ਹੀ ਅੱਗੇ ਮਿਲਣ ਦੀ ਆਗਿਆ ਕਰਕੇ ਉੱਚੀ ਆਵਾਜ ਵਿੱਚ ਇਹ ਕਹਿ ਕੇ ਨਿਕਲੇ ਸਨ ਕਿ ‘ਹਿੰਦ ਦਾ ਪੀਰ ਜਾ ਰਿਹਾ ਹੈ ‘ I ਮਾਛੀਵਾੜੇ ਪਹੁੰਚ ਕੇ ਸਤਿਗੁਰ ਜੀ ਨੂੰ ਭਾਈ ਦਇਆ ਸਿੰਘ ਅਤੇ ਭਾਈ ਮਾਨ ਸਿੰਘ ਜੀ ਮਿਲੇ ਸਨ I ਮਾਛੀਵਾੜੇ ਦੇ ਜੰਗਲਾਂ ਤੋਂ ਉੱਚ ਦਾ ਪੀਰ ਬਣਾ ਕੇ ਪਲੰਘ ਤੇ ਸਤਿਗੁਰ ਜੀ ਨੂੰ ਬਿਠਾ ਕੇ ਅੱਗੇ ਲੈ ਜਾਣ ਦੀ ਵਿਉਂਤ ਵੀ ਭਾਈ ਦਇਆ ਸਿੰਘ ਜੀ ਨੇ ਹੀ ਬਣਾਈ ਸੀ I ਵਿਉਂਤ ਨੇਪਰੇ ਚਾੜ੍ਹੇ ਹੋਏ ਪਠਾਣ ਗਨੀ ਖਾਂ ਅਤੇ ਨਬੀ ਖਾਂ ਸਤਿਗੁਰ ਜੀ ਦੇ ਅਤਿ ਸ਼ਰਧਾਲੂ ਸਨ , ਤੇ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਹੋਇਆਂ ਸਤਿਗੁਰ ਜੀ ਨੂੰ ਮਾਛੀਵਾੜੇ ਤੋਂ ਲਖੀ ਜੰਗਲ ਤੱਕ ਪਹੁੰਚਾ ਦਿੱਤਾ I

ਭਾਈ ਦਇਆ ਸਿੰਘ ਜੀ ਰਾਹੀਂ ਜ਼ਫਰਨਾਮਾ ਔਰੰਗਜੇਬ ਨੂੰ ਭੇਜਿਆ
ਦੀਨੇ ਕਾਂਗੜ ਪੁੱਜ ਕੇ ਸਤਿਗੁਰ ਜੀ ਨੇ ਜ਼ਫਰਨਾਮਾ ਲਿਖਿਆ ਜਿਸ ਦਾ ਅਰਥ ਹੈ “ਫਤਹਿ ਦੀ ਚਿਠੀ ” ਇਹ ਲੰਮੀ ਫ਼ਾਰਸੀ ਦੀ ਮਹਾਨ ਕਵਿਤਾ ਲਿਖ ਕੇ ਇਹ ਫਤਹਿਨਾਮਾ ਸਤਿਗੁਰਾਂ ਨੇ ਭਾਈ ਦਇਆ ਸਿੰਘ ਜੀ ਰਾਹੀਂ ਔਰੰਗਜ਼ੇਬ ਨੂੰ ਮਿਲੇ ਤੇ ਮਿਲਣ ਸਮੇਂ ਭਾਈ ਸੰਤੋਖ ਸਿੰਘ ਜੀ ਦੇ ਕਥਨ ਅਨੁਸਾਰ ਆਪ ਨੇ ਨਿਮਰਤਾ ਨਾਲ ਫਤਹਿ ਬੁਲਾਈ ਤੇ ਜ਼ਫਰਨਾਮਾ ਔਰੰਗਜ਼ੇਬ ਨੂੰ ਦਿੱਤਾ I

ਬਹਾਦਰ ਸ਼ਾਹ ਦੀ ਮਦਦ
ਭਾਈ ਦਇਆ ਸਿੰਘ ਜੀ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਬਹਾਦਰ ਸ਼ਾਹ ਦੀ ਮਦਦ ਲਈ ਭੇਜਿਆ ਜਦੋਂ ਉਹ ਦਿਲੀ ਦਾ ਤਖਤ ਹਾਸਲ ਕਰਨ ਲਈ ਜੰਗ ਲੜ ਰਿਹਾ ਸੀ I ਆਗਰਾ ਨੇੜੇ ਜਜੂਆ ਵਿਖੇ ਹੋਈ ਇਸ ਜੰਗ ਵਿਚ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਕਿਰਪਾ ਅਤੇ ਭਾਈ ਦਇਆ ਸਿੰਘ ਜੀ ਦੀ ਮਦਦ ਨਾਲ ਬਹਾਦੁਰ ਸ਼ਾਹ ਨੂੰ ਜਿੱਤ ਪ੍ਰਾਪਤ ਹੋਈ ਤੇ ਉਹ ਹਿੰਦੁਸਤਾਨ ਦਾ ਬਾਦਸ਼ਾਹ ਬਣਿਆ I ਬਹਾਦਰ ਸ਼ਾਹ ਨੇ ਭਾਈ ਦਇਆ ਸਿੰਘ ਜੀ ਤੇ ਭਾਈ ਧਰਮ ਸਿੰਘ ਜੀ ਨੂੰ ਗੁਰੂ ਗੋਬਿੰਦ ਸਿੰਘ ਜੀ ਨੂੰ ਇਸ ਜਿੱਤ ਬਾਰੇ ਜਾਣਕਾਰੀ ਭੇਜਣ ਲਈ ਕਿਹਾ ਤੇ ਧੰਨਵਾਦ ਕਰਨ ਲਈ ਕਿਹਾ ਅਤੇ ਉਸ ਨੇ ਆਗਰਾ ਵਿਖੇ ਮੁਲਾਕਾਤ ਸਮੇਂ ਆਪ ਜੀ ਨੂੰ ਹੀਰੇ ਜਵਾਹਰਾਤਾਂ ਤੇ ਭਾਈ ਦਇਆ ਸਿੰਘ ਜੀ ਨੂੰ ਇਹਨਾਂ ਤੋਹਫਿਆਂ ਨੂੰ ਆਪਣੇ ਕੈਂਪ ਤੇ ਪਹੁੰਚਾਉਣ ਲਈ ਕਿਹਾ I ਗੁਰੂ ਗੋਬਿੰਦ ਸਿੰਘ ਜੀ 1707 ਈਂ ਤੱਕ ਆਗਰਾ ਰਹੇ ਤੇ ਫਿਰ ਦਖਣ ਵੱਲ ਚੱਲ ਪਏ I ਭਾਈ ਦਇਆ ਸਿੰਘ ਜੀ ਹਮੇਸ਼ਾ ਗੁਰੂ ਸਾਹਿਬ ਨਾਲ ਰਹੇ I ਗੁਰੂ ਸਾਹਿਬ ਅਤੇ ਬਾਦਸ਼ਾਹ ਬਹਾਦਰ ਸ਼ਾਹ ਵਿਚਕਾਰ ਦੋਸਤਾਨਾ ਸਮਝੋਤੇ ਹੋਏ I ਭਾਈ ਦਇਆ ਸਿੰਘ ਜੀ ਗੁਰੂ ਸਾਹਿਬ ਅਤੇ ਬਹਾਦੁਰ ਸ਼ਾਹ ਵਿਚਕਾਰ ਹੋਈਆਂ ਸਾਰੀਆਂ ਮੁਲਾਕਾਤਾਂ ਦੌਰਾਨ ਹਾਜ਼ਰ ਸਨ I

ਨਾਂਦੇੜ ਅਤੇ ਬੰਦਾ ਬਹਾਦੁਰ
ਉਸ ਤੋਂ ਬਾਅਦ ਭਾਈ ਸਾਹਿਬ ਸਤਿਗੁਰ ਜੀ ਦੇ ਨਾਲ ਨਾਂਦੇੜ ਪੁੱਜੇ I ਨਾਂਦੇੜ ਵਿਖੇ ਲਛਮਣ ਦਾਸ ਬੈਰਾਗੀ ਦਾ ਹੰਕਾਰ ਦੂਰ ਕਰਕੇ ਉਸ ਨੂੰ ਅੰਮ੍ਰਿਤ ਛਕਾ ਕੇ ਬੰਦਾ ਸਿੰਘ ਬਹਾਦਰ ਨਾਮ ਰਖਿਆ ਤੇ ਪੰਜਾਬ ਵੱਲ ਸਰਹੰਦ ਫਤਹਿ ਲਈ ਭੇਜਿਆ ਇਸ ਵੇਲੇ ਵੀ ਭਾਈ ਦਇਆ ਸਿੰਘ ਜੀ ਸਤਿਗੁਰੂ ਜੀ ਦੀ ਸੇਵਾ ਵਿਚ ਸਨ I

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ
ਸਭ ਤੋਂ ਜ਼ਰੂਰੀ ਅਤੇ ਅਹਿਮ ਪਵਿੱਤਰ ਮਹਾਨ ਕਾਰਜ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਭਾਈ ਦਇਆ ਸਿੰਘ ਜੀ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦੇਣ ਦੀ ਤਿਆਰੀ ਵਾਸਤੇ ਕਿਹਾ ,”ਭਾਈ ਦਇਆ ਸਿੰਘ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪਾਲਕੀ ਵਿੱਚ ਸਜਾਓ ਅਤੇ ਪੰਚਾ – ਅੰਮ੍ਰਿਤ ਤਿਆਰ ਕਰਕੇ ਲਿਆਓ ” I ਭਾਈ ਦਇਆ ਸਿੰਘ ਜੀ ਨੇ ਮਹਾਰਾਜ ਦਾ ਹੁਕਮ ਮੰਨ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸੋਹਣੇ ਰੁਮਾਲਿਆਂ ਦੀ ਵਿਛਾਈ ਕਰਕੇ ਪਾਲਕੀ ਵਿੱਚ ਪ੍ਰਕਾਸ਼ ਕਰ ਦਿੱਤੇ I ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪੈਸੇ ਨਾਰੀਅਲ ਹਥ ਵਿੱਚ ਲੈ ਕੇ ਅਰਦਾਸ ਕਰਨ ਤੋਂ ਬਾਅਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਸੌਂਪ ਦਿੱਤੀ I

ਭਾਈ ਦਇਆ ਸਿੰਘ ਜੀ ਦੀ ਸ਼ਰਧਾ ਤੇ ਪ੍ਰੇਮ
ਭਾਈ ਦਇਆ ਸਿੰਘ ਜੀ ਦਾ ਗੁਰੂ ਘਰ ਵਿਚ ਅਹਿਮ ਯੋਗਦਾਨ ਰਿਹਾ ਹੈ ਅਤੇ ਸਤਿਗੁਰੂ ਜੀ ਲਈ ਉਹਨਾਂ ਦੇ ਹਿਰਦੇ ਵਿੱਚ ਅਗਾਧ , ਸਰਧਾ , ਪ੍ਰੇਮ ਅਤੇ ਸਤਿਕਾਰ ਭਾਵਨਾ ਸੀ ਜਿਵੇਂ ਇੱਕ ਵਾਰੀ ਸਤਿਗੁਰ ਜੀ ਨਦੀ ਕਿਨਾਰੇ ਟਹਿਲ ਰਹੇ ਸਨ ਉਹਨਾਂ ਦੇ ਨਾਲ ਭਾਈ ਦਇਆ ਸਿੰਘ ਜੀ ਤੇ ਕੁਝ ਹੋਰ ਸਿੰਘ ਸਨ I ਸਤਿਗੁਰ ਜੀ ਦੇ ਹਥਾਂ ਵਿੱਚ ਇੱਕ ਪੱਥਰ ਸੀ ਤੇ ਸਤਿਗੁਰੂ ਜੀ ਨੇ ਇਕ ਚੋਜ ਵਰਤਾਇਆ ਕੀ ਉਹ ਪੱਥਰ ਆਪ ਜੀ ਨੇ ਨਦੀ ਵਿੱਚ ਸੁੱਟ ਦਿੱਤਾ I ਇੱਕ ਸਿੰਘ ਨੂੰ ਸਵਾਲ ਕੀਤਾ ਇਹ ਪੱਥਰ ਪਾਣੀ ਵਿੱਚ ਡੁੱਬ ਕਿਉਂ ਗਿਆ I ਸਿੱਖ ਨੇ ਉੱਤਰ ਦਿੱਤਾ ” ਸਤਿਗੁਰ ਜੀ ਪਾਣੀ ਦਾ ਸੁਭਾਅ ਹੁੰਦਾ ਹੈ ਕੀ ਇਹ ਹਰ ਇਕ ਚੀਜ਼ ਆਪਣੇ ਅੰਦਰ ਡੁਬੋ ਲੈਂਦਾ ਹੈ I ਸਾਹਿਬ ਨੇ ਦੂਜੇ ਸਿੱਖ ਨੂੰ ਪੁਛਿਆ “ਤੁਸੀ ਦੱਸੋ ਇਹ ਪੱਥਰ ਪਾਣੀ ਵਿੱਚ ਡੁੱਬ ਕਿਉਂ ਗਿਆ ਹੈ ਉਸ ਸਿੰਘ ਨੇ ਜਵਾਬ ਦਿੱਤਾ ,”ਮਹਾਰਾਜ ਪੱਥਰ ਭਾਰੀ ਹੁੰਦਾ ਹੈ , ਪਾਣੀ ਵਿੱਚ ਗਿਰਦਿਆਂ ਹੀ ਇਹ ਡੁਬ ਜਾਂਦਾ ਹੈ I ਸਾਹਿਬ ਨੇ ਮੁਸਕਰਾ ਕੇ ਫਿਰ ਭਾਈ ਦਇਆ ਸਿੰਘ ਜੀ ਪਾਸੋਂ ਪੁਛਿਆ “ਤੁਸੀਂ ਦੱਸੋ ਇਹ ਪੱਥਰ ਪਾਣੀ ਵਿੱਚ ਡੁਬ ਕਿਓਂ ਗਿਆ ? ਭਾਈ ਸਾਹਿਬ ਜੀ ਨੇ ਬੜੇ ਪ੍ਰੇਮ ਤੇ ਸ਼ਰਧਾ ਵਿੱਚ ਜਵਾਬ ਦਿੱਤਾ “ਸਤਿਗੁਰ ਜੀ ਮੈਂ ਇਹ ਤਾਂ ਨਹੀਂ ਜਾਣਦਾ ਕਿ ਪੱਥਰ ਪਾਣੀ ਵਿੱਚ ਕਿਉਂ ਡੁਬਿਆ ਜਾਂ ਪਾਣੀ ਨੇ ਪੱਥਰ ਨੂੰ ਕਿਉਂ ਡੁਬੋਇਆ ਮੈਂ ਇੱਕ ਗੱਲ ਜਾਣਦਾ ਹਾਂ ਜੋ ਆਪ ਜੀ ਦੇ ਹਥੋਂ ਨਿਕਲ ਗਿਆ ਉਹ ਅੱਜ ਵੀ ਡੁਬਿਆ ਤੇ ਕੱਲ੍ਹ ਵੀ ਡੁਬਿਆ” I ਇਹ ਪ੍ਰੇਮ ਤੇ ਸ਼ਰਧਾ ਦੇਖ ਕੇ ਸਤਿਗੁਰੂ ਜੀ ਨੇ ਭਾਈ ਦਇਆ ਸਿੰਘ ਜੀ ਨੂੰ ਆਪਣੀ ਗਲਵੱਕੜੀ ਵਿੱਚ ਲੈ ਕੇ ਬੇਅੰਤ ਅਸੀਸਾਂ ਦਿੱਤੀਆਂ”।

ਭਾਈ ਦਇਆ ਸਿੰਘ ਜੀ ਦਾ ਅਕਾਲ ਚਲਾਣਾ
ਸਿੱਖ ਪੰਥ ਦੀ ਮਹਾਨ ਸਖਸ਼ੀਅਤ, ਕਲਗੀਧਰ ਦੇ ਲਾਡਲੇ , ਖਾਲਸਾ ਪੰਥ ਦੇ ਪਹਿਲੇ ਸਿੰਘ , ਪੰਜਾਂ ਪਿਆਰਿਆਂ ਦੇ ਮੁੱਖੀ ਭਾਈ ਦਇਆ ਸਿੰਘ ਜੀ ਤਕਰੀਬਨ ਸੋਲ੍ਹਾਂ ਸਾਲ ਦੀ ਉਮਰ ਤੋਂ ਲੈ ਕੇ ਅਖੀਰਲੇ ਸਵਾਸਾਂ ਤੱਕ ਸਤਿਗੁਰ ਜੀ ਦਾ ਨਿੱਘਾ ਪਿਆਰ ਮਾਣ ਦਿਆਂ ਹੋਇਆਂ 1708 ਈਂ ਵਿੱਚ ਸਤਿਗੁਰ ਜੀ ਦੇ ਚਰਨਾਂ ਵਿੱਚ ਜਾ ਸਮਾਏ I